ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਕੀਤਾ ਸਨਮਾਨਿਤ ਸਮਾਜ ਸੇਵਾ ਅਤੇ ਸਾਹਿੱਤ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਲਈ ਕੀਤਾ ਗਿਆ ਸਨਮਾਨਿਤ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸਮਾਜ ਸੇਵਾ ਅਤੇ ਸਾਹਿੱਤ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਲਾਲਪੁਰਾ ਨੇ ਯੂਨੀਵਰਸਿਟੀ ਕੰਪਲੈਕਸ ਵਿਖੇ ਕਰਵਾਏ ਇੱਕ ਵੱਡੇ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਇਸ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਰੂਪਨਗਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ ਤੇ ਇਸ ਸਮੇਂ ਭਾਰਤ ਸਰਕਾਰ ਵਿਚ ਕੈਬਨਿਟ ਰੈਂਕ ਦੇ ਦਰਜੇ ‘ਤੇ ਬਤੌਰ ਕੌਮੀ ਘੱਟ ਗਿਣਤੀ ਕਮਿਸ਼ਨ ਵਿਚ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਕੇਂਦਰੀ ਚੋਣ ਕਮੇਟੀ ਅਤੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਵੀ ਹਨ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ 1972 ਵਿੱਚ ਇੱਕ ਪੁਲਿਸ ਅਧਿਕਾਰੀ ਵਜੋਂ ਕੀਤੀ ਸੀ ਅਤੇ ਫੇਰ ਭਾਰਤੀ ਪੁਲਿਸ ਸੇਵਾਵਾਂ (ਆਈਪੀਐਸ) ਵਿੱਚ ਤਰੱਕੀ ਹਾਸਲ ਕੀਤੀ। ਉਨ੍ਹਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਸਭ ਤੋਂ ਸੰਵੇਦਨਸ਼ੀਲ ਥਾਣਿਆਂ ਵਿੱਚ ਡਿਊਟੀ ‘ਤੇ ਲਗਾਇਆ ਗਿਆ।
ਉਨ੍ਹਾਂ ਨੂੰ 2006 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ 400 ਸ਼ਹੀਦੀ ਦਿਹਾੜੇ ਮੌਕੇ ਤਰਨ ਤਾਰਨ ਸਮਾਗਮ ਵਿੱਚ ਸ਼੍ਰੋਮਣੀ ਸਿੱਖ ਸਾਹਿਤਕਾਰ ਵਜੋਂ ਸਨਮਾਨਿਤ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ। ਕਪੂਰਥਲਾ ਵਿੱਚ ਕਾਲੀ ਵੇਈਂ ਦਰਿਆ ਨੂੰ ਸਾਫ਼ ਕਰਨ ਦੀ ਪ੍ਰਕਿਰਿਆ ਉਨ੍ਹਾਂ ਨੇ 1997-98 ਵਿੱਚ ਸ਼ੁਰੂ ਕੀਤੀ ਸੀ, ਜਨਵਰੀ 2000 ਵਿੱਚ ਬੁੱਧੂ ਬਰਕਤ ਨਹਿਰ ਤੋਂ ਵੇਈਂ ਵਿੱਚ ਤਾਜ਼ਾ ਪਾਣੀ ਵੀ ਵਗਣਾ ਸ਼ੁਰੂ ਕੀਤਾ ਗਿਆ ਸੀ। 2017 ਵਿੱਚ ਚੀਫ ਖਾਲਸਾ ਦੀਵਾਨ ਦੁਆਰਾ “ਦਿ ਸਿੱਖ ਆਫ ਦਿ ਈਅਰ ਐਵਾਰਡ” ਦਿੱਤਾ ਗਿਆ ਸੀ। ਪੁਲਿਸ ਕੈਰੀਅਰ ਦੌਰਾਨ, ਸਰਦਾਰ ਲਾਲਪੁਰਾ ਨੂੰ 1989 ਵਿੱਚ ਸ਼ਾਨਦਾਰ ਸੇਵਾਵਾਂ ਲਈ ਭਾਰਤੀ ਪੁਲਿਸ ਮੈਡਲ ਅਤੇ 1998 ਵਿੱਚ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਲਾਲਪੁਰਾ ਨੇ ਹੁਣ ਤੱਕ ਸਿੱਖ ਇਤਿਹਾਸ ਅਤੇ ਦਰਸ਼ਨ ‘ਤੇ ਆਧਾਰਿਤ 22 ਕਿਤਾਬਾਂ ਲਿਖੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਤਾਬਾਂ ਮੂਲ ਰਚਨਾਵਾਂ ਹਨ ਅਤੇ ਇਹਨਾਂ ਦਾ ਉਦੇਸ਼ ਦੂਜੇ ਧਰਮਾਂ ਦੇ ਪਿਆਰ ਅਤੇ ਸਮਝ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਹੈ।
ਆਪਣੇ ਪਿਤਾ ਦੀ ਇਸ ਪ੍ਰਾਪਤੀ ‘ਤੇ ਉਨ੍ਹਾਂ ਦੇ ਫਰਜ਼ੰਦ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਬਿਨਾਂ ਪਿਤਾ ਦੇ ਸਾਏ ਤੋਂ ਛੋਟੇ ਜਿਹੇ ਮਕਾਨ ਤੇ ਪੱਛੜੇ ਇਲਾਕੇ ‘ਚੋਂ ਉੱਠ ਕਿ ਪਿਤਾ ਇਕਬਾਲ ਸਿੰਘ ਲਾਲਪੁਰਾ ਨੇ ਪਹਿਲਾਂ ਆਈਪੀਐਸ ਅਤੇ ਫੇਰ ਭਾਰਤ ਸਰਕਾਰ ਵਿਚ ਕੈਬਨਿਟ ਰੈਂਕ ਦਾ ਦਰਜਾ ਹਾਸਲ ਕਰਕੇ ਉਹ ਸਿਰੜੀ ਮੁਕਾਮ ਹਾਸਲ ਕੀਤਾ, ਜੋ ਗੁਰੂ ਦੀ ਅਪਾਰ ਕਿਰਪਾ, ਮਿਹਨਤ ਅਤੇ ਦ੍ਰਿੜ੍ਹ ਨਿਸ਼ਚੈ ਤੋਂ ਬਿਨਾਂ ਸੰਭਵ ਹੀ ਨਹੀਂ। ਉਹ ਪੂਰੇ ਪੰਜਾਬ ਤੇ ਖਾਸ ਕਰਕੇ ਪਿੰਡਾਂ ‘ਚ ਰਹਿੰਦੇ ਉਹਨਾਂ ਨੌਜਵਾਨਾਂ ਲਈ ਚਾਨਣ ਮੁਨਾਰਾ ਤੇ ਮਿਸਾਲ ਹਨ, ਜੋ ਮੁਸ਼ਕਲਾਂ ਨੂੰ ਦੇਖ ਕਿ ਢੇਰੀ ਢਾਹ ਲੈਂਦੇ ਹਨ, ਜਦੋਂਕਿ ਟੀਚਾ ਮਿੱਥ ਕਿ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਹਾਸਲ ਕਰਨ ਦਾ ਇਤਿਹਾਸ ਸਿਰਜ ਕਿ ਮੇਰੇ ਪਿਤਾ ਨੇ ਇਹਨਾਂ ਨੌਜਵਾਨਾਂ ਲਈ ਰਾਹ ਦਸੇਰੇ ਦਾ ਕੰਮ ਕੀਤਾ ਹੈ।
Leave a Reply