ਐ ਪੰਜਾਬ ਕਰਾਂ ਕੀ ਸਿਫਤ ਤੇਰੀ,
ਸ਼ਾਨਾਂ ਦੇ ਸਭ ਸਾਮਾਨ ਤੇਰੇ।
ਜਲ, ਪੌਣ ਤੇਰਾ ਹਰਿਔਲ ਤੇਰੀ,
ਦਰਿਆ, ਪਰਬਤ, ਮੈਦਾਨ ਤੇਰੇ।
ਵੱਸੇ ਰਸੇ ਘਰ-ਬਾਰ ਤੇਰਾ, ਜੀਵੇ ਜਾਗੇ ਪਰਿਵਾਰ ਤੇਰਾ।
ਮਸਜਿਦ, ਮੰਦਿਰ, ਦਰਬਾਰ ਤੇਰਾ, ਮੀਆਂ, ਲਾਲਾ, ਸਰਦਾਰ ਤੇਰਾ।
(ਧਨੀ ਰਾਮ ਚਾਤ੍ਰਿਕ)
————————
ਰਿਸ਼ੀਆਂ, ਮੁਨੀਆਂ, ਵੇਦਾਂ ਦੀ ਧਰਤੀ
ਏਹੋ ਵਿਰਾਸਤ ਸਾਡੀ।
ਅਸੀਂ ਹਾਂ, ਅਸੀਂ ਹਾਂ, ਅਸੀਂ ਹਾਂ
ਗਲੋਬਲ ਪੰਜਾਬੀ।
ਅਸੀਂ ਲਹੂ ਰੰਗੇ ਵਿਰਸੇ ਦੇ ਵਾਰਸ,
ਸਾਡੀ ਸ਼ਾਨ ਮਤਾਬੀ,
ਗਲੋਬਲ ਪੰਜਾਬੀ…. ।
————————–
ਜਾਚਕ ਰੱਬੀ ਧਰਵਾਸ ਦੇ,
ਤੇ ਸਿਰਜਕ ਹਾਂ ਇਤਿਹਾਸ ਦੇ।
ਮੁੱਢੋਂ ਵਾਰਸ ਇਸ ਦੇਸ਼ ਦੇ,
ਅਸੀਂ ਪੁੱਤਰ ਹਾਂ ਦਸ਼ਮੇਸ਼ ਦੇ।
ਰੂਹ ਨੂੰ ਤਾਕਤ ਨਾਨਕ ਬਖ਼ਸ਼ੇ
ਸੁਰ ਮਰਦਾਨਾ ਰਾਬਾਬੀ।
ਗਲੋਬਲ ਪੰਜਾਬੀ…… ।
——————–
ਬੰਦਾ ਸਿੰਘ ਬਹਾਦਰ ਨੇ ਜਦ ਆ ਖੰਡਾ ਖੜਕਾਇਆ,
ਇਕੱਠੇ ਹੋ ਪੰਜਾਬੀਆਂ ਨੇ ਮੁਗਲਾਂ ਦਾ ਤਖ਼ਤ ਹਿਲਾਇਆ।
ਛੋਟੇ-ਵੱਡੇ ਘੱਲੂਘਾਰੇ ਸਿਰ ਆਪਣੇ ਤੇ ਝੱਲੇ,
ਮੁੱਲ ਸਿਰਾਂ ਦੇ ਪੈਂਦੇ ਰਹੇ ਪਰ ਯੁੱਧਾਂ ਦੇ ਪਿੜ ਮੱਲੇ।
ਬੱਚਿਆਂ ਦੇ ਟੋਟੇ ਹੋ-ਹੋ ਕੇ ਮਾਵਾਂ ਦੇ ਗਲ ਪੈ ਗਏ,
ਪਰ ਨਾ ਸਾਡੇ ਹੌਸਲੇ ਟੁੱਟੇ ਦੁਸ਼ਮਣ ਵੀ ਇਹ ਕਹਿ ਗਏ।
ਦੱਸ ਗਏ ਸਾਡੇ ਬਾਬੇ ਕਿਵੇਂ ਸੀਸ ਤਲੀ ਤੇ ਧਰਨਾ,
ਗੁਰਮੁੱਖ ਬਣ ਕੇ ਨਾਮ ਸਿਮਰਨਾ ਯੋਧੇ ਬਣ ਕੇ ਲੜਨਾ।
ਬਘੇਲ ਸਿੰਘ ਤੇ ਆਹਲੂਵਾਲੀਏ, ਕਪੂਰ ਸਿੰਘ ਸਰਦਾਰਾਂ,
ਗੋਡਿਆਂ ਹੇਠਾਂ ਦਿੱਲੀ ਧਰ ਲਈ ਇੱਕ ਨਹੀਂ ਕਈ ਵਾਰਾਂ।
ਮਹਾਰਾਜਾ ਰਣਜੀਤ ਸਿੰਘ ਨੇ ਚੰਗਾ ਰਾਜ ਕਮਾਇਆ,
ਫੂਲਾ ਸਿੰਘ ਅਕਾਲੀ ਤੇ ਨਲੂਏ ਇਤਿਹਾਸ ਬਣਾਇਆ।
ਭਗਤ ਸਿੰਘ, ਸੁਖਦੇਵ, ਊਧਮ ਸਿੰਘ ਸਿਰਲੱਥਾਂ ਸਿਰ ਵਾਰੇ,
ਮਹਿੰਗੀ ਪਈ ਆਜ਼ਾਦੀ ਆਪਾਂ ਸਭ ਤੋਂ ਵੱਧ ਮੁੱਲ ਤਾਰੇ।
ਸਾਡੀਆਂ ਅੱਖਾਂ ਦੇ ਵਿੱਚ ਤੈਰਨ ਸੁਪਨੇ ਸੁਰਖ ਗੁਲਾਬੀ।
ਗਲੋਬਲ ਪੰਜਾਬੀ….. ।
—————————-
ਇਸ਼ਕ ਨੂੰ ਆਪਣਾ ਇਸ਼ਟ ਬਣਾਉਂਦੇ,
ਰੰਗਲੀ ਮਸਤ ਜਵਾਨੀ ਵਾਲੇ।
ਖੇਤੀਂ ਮੁੜਕਾ ਡੋਲਣ ਵਾਲੇ,
ਜੰਗ ਦੇ ਵਿੱਚ ਕੁਰਬਾਨੀ ਵਾਲੇ।
ਵੱਖਰੀ ਅਜਬ ਰਵਾਨੀ ਵਾਲੇ,
ਵੱਡੇ ਮੱਲ ਭਲਵਾਨੀ ਵਾਲੇ।
ਸਾਡੀ ਜੀਵਨ ਜਾਚ ਅਲੱਗ ਹੈ,
ਸੁੱਚੀ ਦਾੜ੍ਹੀ, ਉੱਚੀ ਪੱਗ ਹੈ
ਦੋ ਪੈਰ ਘੱਟ ਤੁਰ ਲਿਆ ਭਾਵੇਂ
ਮੜਕ ਨ੍ਹੀ ਕਦੇ ਗਵਾਏਂਦਾ,
ਹੇਕਾਂ ਲਾ ਜਿੰਦੂਆ ਗਾਏਂਦਾ।
ਜੀਅ ਆਵੇ ਤਾਂ ਠੁਕਰਾ ਦੇਈਏ
ਪੈਰਾਂ ਨਾਲ ਨਵਾਬੀ।
ਗਲੋਬਲ ਪੰਜਾਬੀ…. ।
———————–
ਪੰਜਾਬ ਜਿਊਂਦਾ ਗੁਰਾਂ ਦੇ ਨਾਂ ਤੇ,
ਸਾਂਝੀਵਾਲਤਾ ਰੱਖਦਾ ।
ਚੜ੍ਹਦੀ ਕਲਾ ਨਾਮ ਦੀ ਹੋਵੇ
ਭਲਾ ਹੋਵੇ ਸਰਬੱਤ ਦਾ।
ਅਸੀਂ ਹਾਂ, ਅਸੀਂ ਹਾਂ, ਅਸੀਂ ਹਾਂ
ਗਲੋਬਲ ਪੰਜਾਬੀ… ।
(ਗੁਰਮੇਲ ਸ਼ਾਮ ਨਗਰ)